Saturday, November 23, 2024
 

ਚੰਡੀਗੜ੍ਹ / ਮੋਹਾਲੀ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਭਾਰਤ ਨੂੰ ਮਜ਼ਬੂਤ ਤੇ ਇਕਜੁਟ ਵਿਰੋਧੀ ਧਿਰ ਦੀ ਲੋੜ

August 24, 2020 09:39 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਵਾਰ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਪਾਰਟੀ ਦੇ ਹੀ ਕੁੱਝ ਆਗੂਆਂ ਵਲੋਂ ਚਲਾਈ ਮੁਹਿੰਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਵੇਲਾ ਅਜਿਹੇ ਮਾਮਲੇ ਚੁੱਕਣ ਦਾ ਨਹੀਂ ਸਗੋਂ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਦੇ ਸਖਤ ਵਿਰੋਧ ਕਰਨ ਦਾ ਹੈ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੀ ਆਤਮਾ ਅਤੇ ਲੋਕਤੰਤਰਿਕ ਸਿਧਾਂਤਾਂ ਦਾ ਘਾਣ ਕੀਤਾ ਹੈ।
ਐਤਵਾਰ ਨੂੰ ਜਾਰੀ ਆਪਣੇ ਬਿਆਨ ਵਿਚ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ NDA ਦੀ ਸਫਲਤਾ ਪਿੱਛੇ ਮੁੱਖ ਕਾਰਨ ਮਜ਼ਬੂਤ ਅਤੇ ਇਕਜੁੱਟ ਵਿਰੋਧੀ ਧਿਰ ਦੀ ਕਮੀ ਹੈ ਅਤੇ ਕਾਂਗਰਸ ਦੇ ਇਨ੍ਹਾਂ ਆਗੂਆਂ ਵਲੋਂ ਇਸ ਨਾਜ਼ੁਕ ਮੋੜ 'ਤੇ ਪਾਰਟੀ ਵਿਚ ਬਦਲਾਅ ਦੀ ਮੰਗ ਪਾਰਟੀ ਅਤੇ ਦੇਸ਼ ਦੇ ਹਿਤਾਂ ਲਈ ਨੁਕਸਾਨਦਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਸਿਰਫ ਸਰਹੱਦ ਦੇ ਸਾਰੇ ਪਾਸਿਆਂ ਤੋਂ ਬਾਹਰੀ ਖਤਰਿਆਂ ਦਾ ਹੀ ਸਾਹਮਣਾ ਨਹੀਂ ਕਰ ਰਿਹਾ ਸਗੋਂ ਇਸ ਦੇ ਸੰਘੀ ਢਾਂਚੇ ਨੂੰ ਵੀ ਅੰਦਰੂਨੀ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਇਕਜੁੱਟ ਕਾਂਗਰਸ ਹੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਬਚਾ ਸਕਦੀ ਹੈ।
ਲੀਡਰਸ਼ਿਪ ਬਦਲਣ ਦੀ ਮੰਗ ਨੂੰ ਅਸਵਿਕਾਰਯੋਗ ਦਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀ ਪਰਵਾਰ ਦਾ ਦੇਸ਼ ਦੀ ਤਰੱਕੀ ਵਿਚ ਬਰਤਾਨਵੀ ਰਾਜ ਦੌਰਾਨ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਤਕ ਅਥਾਹ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ ਥੋੜੇ ਜਿਹੇ ਲੋਕਾਂ ਲਈ ਹੀ ਨਹੀਂ ਬਲਕਿ ਸਾਰੀ ਪਾਰਟੀ ਅਤੇ ਇਸ ਦੇ ਹੇਠਾਂ ਤੋਂ ਲੈ ਕੇ ਉਪਰ ਤਕ ਸਾਰੇ ਕਾਡਰ ਨੂੰ ਦੇਸ਼ ਦੇ ਵਡੇਰੇ ਹਿੱਤਾਂ ਵਿੱਚ ਸਵਿਕਾਰ ਹੋਵੇ। ਉਨ੍ਹਾਂ ਕਿਹਾ ਕਿ ਇਸ ਭੂਮਿਕਾ ਵਿੱਚ ਗਾਂਧੀ ਹੀ ਖਰੇ ਉਤਰਦੇ ਹਨ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਉਦੋਂ ਤੱਕ ਕਾਂਗਰਸ ਦੀ ਅਗਵਾਈ ਕਰਨ ਅਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਕਮਾਨ ਸੰਭਾਲਣ ਅਤੇ ਉਹ ਪਾਰਟੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਵੀਂ ਹਾਰ ਕਦੇ ਵੀ ਲੀਡਰਸ਼ਿਪ ਤਬਦੀਲੀ ਦਾ ਪੈਮਾਨਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕਾਂਗਰਸ ਨੀਵਾਣ 'ਤੇ ਹੈ, ਇਸ ਦਾ ਮਤਲਬ ਇਹ ਨਹੀਂ ਕਿ ਗਾਂਧੀ ਪਰਵਾਰ ਦੇ ਪਾਰਟੀ ਨੂੰ ਉਪਰ ਚੁੱਕਣ ਦੇ ਯੋਗਦਾਨ ਨੂੰ ਭੁਲਾ ਦਿਤਾ ਜਾਵੇ। ਭਾਜਪਾ ਦੋ ਪਾਰਲੀਮੈਂਟ ਸੀਟਾਂ ਤੋਂ ਦੇਸ਼ ਦੀ ਅਗਵਾਈ ਕਰਨ ਵਾਲੀ ਪਾਰਟੀ ਬਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਮੁੜ ਉਠੇਗੀ ਅਤੇ ਇਹ ਸਿਰਫ ਗਾਂਧੀ ਦੀ ਲੀਡਰਸ਼ਿਪ ਹੇਠ ਹੀ ਸੰਭਵ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਕਦਮ ਪਾਰਟੀ ਨੂੰ ਵੰਡਣ ਜਾਂ ਅਸਥਿਰ ਕਰੇਗਾ ਜੋ ਆਧੁਨਿਕ ਭਾਰਤ ਦਾ ਨਿਰਮਾਣ ਕਰਨ ਵਾਲੇ ਸਾਡੇ ਪਿਤਾ ਪੁਰਖਿਆਂ ਦੇ ਸਿਧਾਂਤਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀਆਂ ਤਾਨਾਸ਼ਾਹੀ ਤਾਕਤਾਂ ਨੂੰ ਫਾਇਦਾ ਪਹੁੰਚਾਏਗਾ। ਇਨ੍ਹਾਂ ਸਿਧਾਂਤਾਂ ਦਾ ਤਾਂ ਪੂਰੀ ਦੁਨੀਆ ਅੱਜ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਦਰਸ਼ਾਂ ਦੇ ਖ਼ਾਤਮੇ ਨਾਲ ਨਾ ਕੇਵਲ ਕਾਂਗਰਸ ਬਲਕਿ ਪੂਰੇ ਭਾਰਤ ਨੂੰ ਨੁਕਸਾਨ ਹੋਵੇਗਾ।

 

Have something to say? Post your comment

Subscribe